Today’s Hukamnama Sachkhand Sri Harmandir Sahib Sri Amritsar Sahib
Ang-585 08/06/23 ਬਿਹਾਗੜਾ ਮਹਲਾ ੫ ॥
ਬਿਹਾਗੜਾ ਪੰਜਵੀਂ ਪਾਤਸ਼ਾਹੀ।
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥
ਵਾਹਿਗੁਰੂ ਦੇ ਚਰਨ ਅੰਮ੍ਰਿਤ ਦਾ ਤਾਲਾਬ ਹਨ। ਓਥੇ ਤੂੰ ਆਪਣਾ ਵਸੇਬਾ ਕਰ, ਹੇ ਮੇਰੀ ਜਿੰਦੜੀਏ!
ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥
ਵਾਹਿਗੁਰੂ ਦੇ ਨਾਮ ਤਾਲਾਬ ਵਿੱਚ ਤੂੰ ਇਸ਼ਨਾਨ ਕਰ ਅਤੇ ਤੇਰੇ ਸਾਰੇ ਪਾਪ ਧੋਤੇ ਜਾਣਗੇ ਹੇ ਮੇਰੀ ਜਿੰਦੜੀਏ!
ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥
ਸਾਹਿਬ, ਮਿੱਤ੍ਰ ਦੇ ਨਾਮ ਅੰਦਰ ਤੂੰ ਹਮੇਸ਼ਾਂ ਇਸ਼ਨਾਨ ਕਰ, ਤੇਰੀ ਤਕਲੀਫ ਦਾ ਅੰਨ੍ਹੇਰਾ ਦੂਰ ਹੋ ਜਾਵੇਗਾ।
ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥
ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥
ਸਤਿ ਸੰਗਤ ਨਾਲ ਜੁੜ ਤਾਂ ਜੋ ਤੂੰ ਨਾਮ ਨਾਲ ਰੰਗਿਆ ਜਾਵੇਂ। ਉਥੇ ਤੇਰੀ ਮਨਸ਼ਾਂ ਪੂਰੀ ਹੋ ਜਾਵੇਗੀ।
ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥
ਨਾਨਕ ਬਿਨੇ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉੱਤੇ ਤਰਸ ਕਰ ਤਾਂ ਜੋ ਮੇਰਾ ਤੇਰੇ ਕੰਵਲ ਰੂਪੀ ਚਰਨਾਂ ਵਿੱਚ ਵਾਸਾ ਹੋ ਜਾਵੇ।
ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥
ਉੱਥੇ ਹਮੇਸ਼ਾਂ ਖੁਸ਼ੀ ਤੇ ਮੌਜ ਬਹਾਰਾ ਹਨ ਅਤੇ ਬੈਕੁੰਠੀ ਕੀਰਤਨ ਓਥੇ ਗੂੰਜਦਾ ਹੈ।
ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥
ਇਕੱਤ੍ਰ ਹੋ ਕੇ ਨੇਕ ਪੁਰਸ਼ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਮਾਲਕ ਦੀ ਜਿੱਤ ਦੇ ਨਾਹਰੇ ਲਾਉਂਦੇ ਹਨ।
ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
ਇਕੱਤ੍ਰ ਹੋ ਅਤੇ ਉਸ ਦੇ ਪਿਆਰ ਤੇ ਪ੍ਰੀਤ ਦੇ ਅੰਮ੍ਰਿਤ ਅੰਦਰ ਭਿੱਜ ਸਾਧੂ ਸੱਜਣ ਮਿਲ ਕੇ ਸੁਆਮੀ ਦਾ ਜੱਸ ਗਾਇਨ ਕਰਦੇ ਅਤੇ ਆਪਣੇ ਭਰਤੇ ਨੂੰ ਚੰਗੇ ਲੱਗਦੇ ਹਨ।
ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥
ਸਵੈ ਹੰਗਤਾ ਨੂੰ ਮਾਰ ਕੇ ਉਹ ਹਰੀ ਦੇ ਨਫੇ ਨੂੰ ਹਾਸਲ ਕਰਦੇ ਹਨ ਅਤੇ ਆਪਣੇ ਨਾਲੋਂ ਦੇਰ ਤੋਂ ਵਿਛੜੇ ਕੰਤ ਨੂੰ ਮਿਲ ਪੈਦੇ ਹਨ।
ਗਹਿ ਭੁਜਾ ਲੀਨੇ ਦਇਆ ਕੀਨ੍ਹ੍ਹੇ ਪ੍ਰਭ ਏਕ ਅਗਮ ਅਪਾਰੋ ॥
ਅਦੁੱਤੀ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਸਾਹਿਬ ਆਪਣੀ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਬਾਹੋਂ ਫੜ ਆਪਣੇ ਨਿੱਜ ਦੇ ਬਣਾ ਲੈਦਾ ਹੈ।
ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥
ਨਾਨਕ ਜੋਦੜੀ ਕਰਦਾ ਹੈ, ਹਮੇਸ਼ਾਂ ਹੀ ਪਵਿੱਤ੍ਰ ਹਨ ਉਹ ਜੋ ਸੱਚੇ ਨਾਮ ਦੀ ਉਸਤਤੀ ਗਾਇਨ ਕਰਦੇ ਹਨ।
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
ਤੂੰ ਹੇ ਪਰਮ ਚੰਗੇ ਕਰਮਾਂ ਵਾਲਿਆ ਗੁਰੂ ਗੋਬਿੰਦ ਦੀ ਸੁਰਜੀਤ ਕਰਨ ਵਾਲੀ ਗੁਰਬਾਣੀ ਸ੍ਰਵਣ ਕਰ।
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
ਜਿਸ ਦੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੇਵਲ ਉਸ ਦੇ ਹਿਰਦੇ ਅੰਦਰ ਹੀ ਪ੍ਰਵੇਸ਼ ਕਰਦੀ ਹੈ।
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
ਕੇਵਲ ਉਹੀ ਇਸ ਅਕਹਿ ਵਾਰਤਾ ਨੂੰ ਸਮਝਦਾ ਹੈ, ਜਿਸ ਤੇ ਵਾਹਿਗੁਰੂ ਆਪ ਮਿਹਰ ਧਾਰਦਾ ਹੈ।
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
ਉਹ ਅਬਿਨਾਸ਼ੀ ਹੋ ਜਾਂਦਾ ਹੈ ਅਤੇ ਮੁੜ ਕੇ ਮਰਦਾ ਨਹੀਂ। ਉਸ ਦੇ ਝਗੜੇ, ਬਖੇੜੇ ਅਤੇ ਦੁਖੜੇ ਦੂਰ ਹੋ ਜਾਂਦੇ ਹਨ।
ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
ਉਹ ਵਾਹਿਗੁਰੂ ਦੀ ਪਨਾਹ ਪਾ ਲੈਦਾ ਹੈ, ਜੋ ਉਸ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਉਸ ਦੀ ਆਤਮਾ ਤੇ ਦੇਹ ਨੂੰ ਸੁਆਮੀ ਦਾ ਪਿਆਰ ਚੰਗਾ ਲੱਗਦਾ ਹੈ।
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥
ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਪ੍ਰਾਣੀ! ਤੂੰ ਸਦੀਵ ਹੀ ਪਾਲਨ ਅਤੇ ਸੁਧਾ ਸਰੂਪ ਗੁਰੂ ਕੀ ਬਾਣੀ ਦਾ ਗਾਇਨ ਕਰ।
ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
ਮੇਰਾ ਮਨੂਆ ਤੇ ਸਰੀਰ ਪ੍ਰਭੂ ਦੇ ਪਿਆਰ ਵਿੱਚ ਗਲਤਾਨ ਹੋਏ ਹੋਏ ਹਨ। ਮੇਰੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
ਜਿਸ ਤੋਂ ਮੈਂ ਉਤਪੰਨ ਹੋਇਆ ਸੀ ਉਸ ਸੁਆਮੀ ਨੇ ਮੈਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ।
ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥
ਜਿਸ ਤਰ੍ਹਾਂ ਪਾਣੀ ਪਾਣੀ ਨਾਲ ਅਭੇਦ ਹੋ ਜਾਂਦਾ ਹੈ ਏਸੇ ਤਰ੍ਹਾਂ ਹੀ ਮੈਂ ਤਾਣੇ ਪੇਟੇ ਦੀ ਮਾਨੰਦ ਪ੍ਰਭੂ ਦੇ ਪ੍ਰਕਾਸ਼ ਨਾਲ ਮਿਲ ਗਿਆ ਹਾਂ।
ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥
ਇਕ ਸੁਆਮੀ ਹੀ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ। ਮੈਨੂੰ ਹੋਰ ਕੋਈ ਨਜ਼ਰੀਂ ਨਹੀਂ ਪੈਂਦਾ।
ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥
ਉਹ ਜੰਗਲਾਂ ਘਾਅ ਦੀਆਂ ਤਿੜਾਂ ਅਤੇ ਤਿੰਨਾਂ ਜਹਾਨਾਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਉਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ।
ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥
ਨਾਨਕ ਬੇਨਤੀ ਕਰਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ ਉਹ ਖੁਦ ਹੀ ਇਸ ਬਾਰੇ ਸਭ ਕੁਝ ਜਾਣਦਾ ਹੈ।
Comments
Post a Comment